Friday, May 22, 2009

Quarters In the Press


Click on the image to read the news please ....

Wednesday, April 29, 2009

ਅਪ੍ਰੈਲ ਵੀ ਲੰਘ ਗਿਆ, ਪਰ ਕੋਈ ਨਹੀਂ ਆਇਆ ....

ਸਾਡੀ ਮਕਾਨਾਂ ਦੀ ਕੁਰਲਾਹਟ ਕੌਣ ਸੁਣ ਰਿਹੈ ?

ਕੀ ਕਰੀਏ ਸੱਜਣਾਂ ਦੇ ਲਾਰਿਆਂ ਦਾ, ਕੌਣ ਬਣਦਾ ਵਕਤ ਦੇ ਮਾਰਿਆਂ ਦਾ,
ਕਿਸੇ ਇਕੱਲੇ ਦਾ ਨਹੀਂ ਲੋਕੋ, ਇਹ ਤਾਂ ਮਸਲਾ ਏ ਹੁਣ ਸਾਰਿਆਂ ਦਾ !

ਵਾਅਦਾ ਪੰਜਵੇਂ ਨੂੰ ਆਉਣ ਦਾ ਸੱਜਣ ਕਰ ਗਏ,
ਪਤਾ ਸੀ ਕਿ ਜਿੰਦ ਚਾਰ ਦਿਨਾਂ ਦੀ ਪ੍ਰਾਹੁਣੀ !


ਇੰਤਜ਼ਾਰ ਹੈ ਕਿ ਮੁੱਕਦਾ ਈ ਨਹੀਂ ਤੇ ਗੱਲਾਂ ਨੇ ਕਿ ਕੋਈ ਟਿਕਾਣਾ ਈ ਨਹੀਂ। ਦੋਸਤੋ, ਅਸੀਂ ਉਹ ਮਕਾਨ ਹਾਂ ਜਿਹਨਾਂ ਨੂੰ ਤੁਸੀਂ ਜੇਬ ਵਿਚ ਰੱਖੇ ਨੈਪਕਿਨ ਵਾਂਗ ਵਰਤ ਤੇ ਤਿਆਗ ਦਿੱਤਾ। ਹੁਣ ਸਾਡੇ ਵਿਹੜਿਆਂ ਵਿਚ ਉੱਗਿਆ ਘਾਹ, ਕੰਧਾਂ ਵਿਚ ਵਧ ਰਹੀਆਂ ਤਰੇੜਾਂ, ਰਾਹਾਂ ਵਿਚ ਉੱਗ ਰਿਹਾ ਜੰਗਲ ਦਿਨੋ ਦਿਨ ਹੋਰ ਡਰਾਉਣਾ ਹੁੰਦਾ ਜਾ ਰਿਹਾ ਹੈ।


ਸੁਣਿਆ ਏ ਕਿ ਵੱਡੇ ਲੀਡਰਾਂ ਨੇ ਸਾਨੂੰ ਵਸਦੇ ਰੱਖਣ ਲਈ ਲੰਮੇ ਉੱਚੇ ਤਕੜੇ ਵਾਅਦੇ ਕੀਤੇ ਸਨ, ਅਖੇ ‘ਅਸੀਂ ਤਲਵਾੜੇ ਨੂੰ ਉਜੜਨ ਨਹੀਂ ਦਿਆਂਗੇ, ਇਹਨਾਂ ਵਿਹੜਿਆਂ ਵਿਚ ਮੁੜ ਪਰਤ ਆਵੇਗੀ ਰੌਣਕ, ਤੇ ਇੱਕ ਵਾਰ ਫ਼ੇਰ ਜਗਣਗੇ ਖੁਸ਼ੀਆਂ ਦੇ ਚਿਰਾਗ !’ ਤੇ ਪਤਾ ਨਹੀਂ ਕਿੰਨਾ ਕੁਝ ਹੋਰ ਸਾਡੇ ਆਸੇ ਪਾਸੇ ਦੀਆਂ ਫ਼ਿਜਾਵਾਂ ਵਿਚ ਗੂੰਜਿਆ।


ਬੜੀ ਆਸ ਸੀ, ਫ਼ਰਵਰੀ ਵਿਚ, ਫ਼ਿਰ ਚਲੋ ਮਾਰਚ ... ਪਰ ਇਹ ਕੀ ! ਹੁਣ ਤਾਂ ਅਪ੍ਰੈਲ ਵੀ ਪੱਲਾ ਛੁਡਾ ਚੱਲਾ ਏ ! ਬਹੁਤ ਘਬਰਾਹਟ ਹੋ ਰਹੀ ਹੈ। ਖੌਰੇ ਕਦੋਂ ਆਪਣੇ ਆਪ ਹੀ ਚਕਰਾਕੇ ਢਹਿ ਢੇਰੀ ਹੋ ਜਾਵਾਂਗੇ। ਕਦੋਂ ਕਿਸੇ ਨੇ ਸਾਡੀ ਬੋਲੀ ਲਗਾ ਕੇ ਬੁਲਡੋਜ਼ਰਾਂ ਨਾਲ ਸਾਡੇ ਨਿਸ਼ਾਨ ਤੱਕ ਮਿਟਾ ਦੇਣੇ ਹਨ ...।


ਕੀ ਕੋਈ ਸੁਣ ਰਿਹਾ ਹੈ ... ?


ਹਿਤੂ,


ਤੁਹਾਡੇ ਆਪਣੇ,
678 ਕਵਾਟਰ, ਤਲਵਾੜਾ ਟਾਊਨਸ਼ਿਪ

Monday, March 23, 2009

ਕਦੇ ਇੱਥੇ ਵੀ ਮਹਿਫ਼ਲਾਂ ਲੱਗਦੀਆਂ ਸਨ ...!

ਉਜਾੜੇ ਦੀ ਹਨੇਰੀ ਅੱਗੇ ਬੇਬਸ ਪਏ ਇਹਨਾਂ ਮਕਾਨਾਂ ਵਿਚ ਵੀ ਕਦੇ ਰੌਣਕ ਮੇਲੇ ਜੋਬਨ ਤੇ ਸਨ ਪਰ ਹੁਣ ਇੱਥੇ ਪਸਰਿਆ ਸੰਨਾਟਾ ਆਉਣ ਵਾਲੇ ਭਵਿੱਖ ਦੀ ਤਸਵੀਰ ਪੇਸ਼ ਕਰਦਾ ਲਗਦਾ ਹੈ।

Saturday, February 7, 2009

ਬਾਦਲ ਵੱਲੋਂ ਮਕਾਨਾਂ ਦੀ ਸਾਰ ਲੈਣ ਦਾ ਭਰੋਸਾ

ਤਲਵਾੜਾ, 6 ਫ਼ਰਵਰੀ: ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ. ਅਮਰਜੀਤ ਸਿੰਘ ਸਾਹੀ ਨੇ ਅੱਜ ਉਹਨਾਂ ਨੂੰ ਇਹ ਮਕਾਨ ਦਿਖਾਏ ਗਏ ਅਤੇ ਦੱਸਿਆ ਗਿਆ ਕਿ ਇਹਨਾਂ ਸਬੰਧੀ ਮਾਮਲਾ ਰਾਜ ਸਰਕਾਰ ਦੇ ਕਾਨੂੰਨ ਵਿਭਾਗ ਕੋਲ ਵਿਚਾਰ ਅਧੀਨ ਪਿਆ ਹੈ। ਉਹਨਾਂ ਕਿਹਾ ਕਿ ਉਹ ਜਲਦੀ ਹੀ ਇਸ ਬਾਰੇ ਢੁਕਵੀਂ ਕਾਰਵਾਈ ਕਰਨਗੇ ਅਤੇ ਤਲਵਾੜਾ ਨੂੰ ਕਿਸੇ ਕੀਮਤ ਉਜੜਨ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇੰਨੇ ਵਧੀਆ ਮਕਾਨਾਂ ਦਾ ਇਸ ਤਰਾਂ ਬਰਬਾਦ ਹੋਣਾ ਬੇਹੱਦ ਮੰਦਭਾਗੀ ਗੱਲ ਹੈ ਅਤੇ ਇਹਨਾਂ ਬਾਰੇ ਛੇਤੀ ਹੀ ਕੋਈ ਨਿਰਣਾ ਲੈਣਾ ਪਵੇਗਾ। ਇਸ ਮੌਕੇ ਸ. ਅਮਰਜੀਤ ਸਿੰਘ ਸਾਹੀ ਹਲਕਾ ਵਿਧਾਇਕ ਦਸੂਹਾ ਨੇ ਬੜੀ ਬਾਰੀਕੀ ਨਾਲ ਤਲਵਾੜਾ ਕਲੌਨੀ ਦੇ ਮਕਾਨਾਂ ਦੇ ਮਸਲੇ ਬਾਰੇ ਸ. ਬਾਦਲ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਯੂਥ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ, ਸਰਬਜੋਤ ਸਿੰਘ ਸਾਹਬੀ ਸਮੇਤ ਕਈ ਹੋਰ ਅਕਾਲੀ ਆਗੂ ਹਾਜਰ ਸਨ।

Sunday, January 25, 2009

678 Quarters







ਬੀ. ਬੀ. ਐਮ. ਬੀ. ਵੱਲੋਂ ਸਾਲ 2004 ਦੇ ਅਖੀਰ ਵਿਚ ਤਲਵਾੜਾ ਟਾਉਨਸ਼ਿਪ ਕਲੌਨੀ ਵਿਚ ਅਨੇਕਾਂ ਸ਼ਾਨਦਾਰ ਰਿਹਾਇਸ਼ੀ ਮਕਾਨਾਂ ਨੂੰ ਖਾਲੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਤੇ ਸਾਲ 2005 ਦੇ ਅਖੀਰ ਤੱਕ ਇਹ ਮਕਾਨ ਪੂਰੀ ਤਰਾਂ ਬੇਆਬਾਦ ਕਰ ਦਿੱਤੇ ਗਏ। ਇਹਨਾਂ ਮਕਾਨਾਂ ਦੀ ਸੰਖਿਆ 678 ਹੈ।
ਇਸ ਪੇਜ਼ ਦਾ ਨਾਮ ਵੀ ਇਸੇ ਲਈ 678q ਰੱਖਿਆ ਗਿਆ ਹੈ।ਖੈਰ ਮਕਾਨ ਖਾਲੀ ਕਰਨ ਤੋਂ ਬਾਅਦ ਸਿਲਸਿਲਾ ਸ਼ੁਰੂ ਹੋਇਆ ਕਲੌਨੀ ਨੂੰ ਮੁੜ ਆਬਾਦ ਕਰਨ ਦਾ। ਹਾਊਸਲੈੱਸ ਸੁਸਾਇਟੀ ਬਿਆਸ ਡੈਮ ਕੋਆਪ. ਸੁਸਾਇਟੀ ਲਿਮ. ਵੱਲੋਂ ਬੀ. ਬੀ. ਐਮ. ਬੀ. ਨਾਲ ਖਤੋ ਖਿਤਾਬਤ ਸ਼ੁਰੂ ਹੋਈ ਤੇ ਇਹ ਵਾਧੂ ਕਰਾਰ ਦਿੱਤੇ ਮਕਾਨ ਡੈਮ ਦੇ ਸੇਵਾ ਮੁਕਤ ਕਰਮਚਾਰੀਆਂ ਤੇ ਹੋਰ ਲਾਭ ਪਾਤਰਾਂ ਨੂੰ ਲੰਮੀ ਲੀਜ਼ ਦੇ ਆਧਾਰ ਤੇ ਦਿੱਤੇ ਜਾਣੇ ਚਾਹੀਦੇ ਹਨ। ਇਸ ਦੌਰਾਨ ਇਹਨਾਂ ਮਕਾਨਾਂ ਨੂੰ ਪੁਡਾ ਰਾਹੀਂ ਵੇਚਣ ਦੀ ਗੱਲਬਾਤ ਚੱਲੀ ਜੋ ਟੁੱਟ ਗਈ।ਖੈਰ ਅਨੇਕਾਂ ਯਤਨਾਂ ਤੋਂ ਬਾਅਦ ਬੀ. ਬੀ. ਐਮ. ਬੀ. ਦੀ ਉੱਚ ਪੱਧਰੀ ਮੀਟਿੰਗ ਵਿਚ ਬੋਰਡ ਦੇ ਸਾਰੇ ਮੈਂਬਰ ਇਸ ਨੁਕਤੇ ਤੇ ਸਹਿਮਤ ਹੋ ਗਏ ਕਿ ਪੰਜਾਬ ਸਰਕਾਰ ਇਹਨਾਂ ਮਕਾਨਾਂ ਨੂੰ ਸੁਸਾਇਟੀ ਰਾਹੀਂ ਲੀਜ਼ ਤੇ ਅਲਾਟ ਕਰੇ। ਇਹ ਗੱਲ 16 ਅਪ੍ਰੈਲ 2007 ਦੀ ਹੈ। ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਇਹ ਮਾਮਲਾ ਸਰਕਾਰ ਦੀ ਕਾਨੂੰਨੀ ਵਿਭਾਗ ਹਵਾਲੇ ਕਰ ਦਿੱਤਾ ।
ਲੋਕਾਂ ਨੂੰ ਇੰਤਜਾਰ ਹੈ ਪੰਜਾਬ ਸਰਕਾਰ ਦੇ ਕਾਨੂੰਨੀ ਵਿਭਾਗ ਦੇ ਜਵਾਬ ਦਾ, ਜਿਸ ਤੇ ਟਿਕੀ ਹੋਈ ਤੇ ਤਲਵਾੜਾ ਟਾਉਨਸ਼ਿਪ ਦੀ ਤਕਦੀਰ। ਜਿਸ ਦੇ ਨਿਰਭਰ ਹੈ ਤਲਵਾੜੇ ਦਾ ਵਸੇਬਾ ਜਾਂ ਉਜਾੜਾ।
ਇਹਨਾਂ ਖਾਲੀ ਮਕਾਨਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਸੈਕਟਰ 3
T3C = 56
T2 = 192
T1B = 58
ਸੈਕਟਰ 2
T3C = 80
T1B = 292
Total = 678
ਇਸ ਮਸਲੇ ਬਾਰੇ ਤੁਸੀਂ ਕੀ ਸੋਚਦੇ ਹੋ?
ਅਸੀਂ ਇਸ ਪੇਜ਼ ਤੇ ਪੇਸ਼ ਕਰਦੇ ਰਹਾਂਗੇ ਟਾਉਨਸ਼ਿਪ ਕਲੌਨੀ ਦੇ ਉਜਾੜੇ ਦੀਆਂ ਤਸਵੀਰਾਂ ...
ਕਿਸ ਕੋਲ ਹੈ ਇਸ ਦੇ ਮੁੜ ਵਸੇਬੇ ਦੀ ਚਾਬੀ ?